ਜਲੰਧਰ ਤਹਿਸੀਲ ਕਾਂਪਲੈਕਸ ‘ਚ ਲੋਕਾਂ ਦੀ ਪਰੇਸ਼ਾਨੀ — ਬੂਥ ਨੰਬਰ 6 ਬਣਿਆ ਚਰਚਾ ਦਾ ਕੇਂਦਰ

ਜਲੰਧਰ ਸ਼ਹਿਰ ਦਾ ਤਹਿਸੀਲ ਕਾਂਪਲੈਕਸ ਅਕਸਰ ਕਿਸੇ ਨਾ ਕਿਸੇ ਮਾਮਲੇ ਕਰਕੇ ਚਰਚਾ ਵਿੱਚ ਰਹਿੰਦਾ ਹੈ, ਪਰ ਇਸ ਵਾਰ ਮਾਮਲਾ ਸਿੱਧਾ ਲੋਕਾਂ ਦੀ ਰੋਜ਼ਮਰਾ ਦੀਆਂ ਜ਼ਰੂਰਤਾਂ ਨਾਲ ਜੁੜਿਆ ਹੋਇਆ ਹੈ। ਤਾਜ਼ਾ ਹਾਲਾਤਾਂ ਅਨੁਸਾਰ ਬੂਥ ਨੰਬਰ 6 ਪਿਛਲੇ ਲਗਭਗ 20 ਤੋਂ 22 ਦਿਨਾਂ ਤੋਂ ਆਮ ਜਨਤਾ ਲਈ ਮੁਸ਼ਕਲਾਂ ਦਾ ਕਾਰਨ ਬਣਿਆ ਹੋਇਆ ਹੈ।

ਮਿਲ ਰਹੀ ਜਾਣਕਾਰੀ ਅਤੇ ਲੋਕਾਂ ਦੇ ਅਨੁਭਵਾਂ ਅਨੁਸਾਰ, ਇਸ ਬੂਥ ਦਾ ਦਰਵਾਜ਼ਾ ਅਕਸਰ ਬੰਦ ਮਿਲਦਾ ਹੈ, ਜਿਸ ਕਾਰਨ ਆਪਣੇ ਜ਼ਰੂਰੀ ਕੰਮਾਂ ਲਈ ਆਏ ਲੋਕ ਨਿਰਾਸ਼ ਹੋ ਕੇ ਵਾਪਸ ਮੁੜ ਰਹੇ ਹਨ। ਸੂਤਰਾਂ ਮੁਤਾਬਕ, ਪਹਿਲਾਂ ਇੱਥੇ ਵਿਸ਼ੂ ਠਾਪਾ ਪਟਵਾਰੀ ਦੇ ਤੌਰ ‘ਤੇ ਤਾਇਨਾਤ ਸਨ, ਜਿਨ੍ਹਾਂ ਦੀ ਟ੍ਰਾਂਸਫਰ 12 ਮਾਰਚ ਨੂੰ ਹੋ ਗਈ ਸੀ। ਉਨ੍ਹਾਂ ਦੀ ਥਾਂ ਹੁਣ ਪ੍ਰਿੰਸ ਅਟਵਾਲ ਨੇ ਸੰਭਾਲੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਨਵੇਂ ਪਟਵਾਰੀ ਸਾਹਿਬ ਟ੍ਰਾਂਸਫਰ ਤੋਂ ਬਾਅਦ ਸਿਰਫ 2-3 ਦਿਨ ਹੀ ਦਫ਼ਤਰ ਆਏ, ਪਰ ਉਸ ਦੌਰਾਨ ਵੀ ਲੋਕਾਂ ਦੇ ਕੰਮ ਪੂਰੇ ਨਹੀਂ ਹੋ ਸਕੇ। ਉਸ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਬੂਥ ਨੰਬਰ 6 ਦੇ ਦਰਵਾਜ਼ੇ ‘ਤੇ ਤਾਲਾ ਲੱਗਿਆ ਹੋਇਆ ਮਿਲਦਾ ਹੈ। ਹਰ ਰੋਜ਼ ਲੋਕ ਆਪਣੇ ਕੰਮਾਂ ਦੀ ਉਮੀਦ ਨਾਲ ਇੱਥੇ ਪਹੁੰਚਦੇ ਹਨ, ਪਰ ਬੰਦ ਦਰਵਾਜ਼ੇ ਦੇ ਸਾਹਮਣੇ ਖੜ੍ਹ ਕੇ ਨਿਰਾਸ਼ ਹੋ ਜਾਂਦੇ ਹਨ ਅਤੇ ਖਾਲੀ ਹੱਥ ਵਾਪਸ ਮੁੜਦੇ ਹਨ।
ਇਹ ਹਾਲਾਤ ਉਹਨਾਂ ਯਤਨਾਂ ‘ਤੇ ਵੀ ਸਵਾਲ ਖੜੇ ਕਰਦੇ ਹਨ ਜੋ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਕੀਤੇ ਜਾ ਰਹੇ ਹਨ। ਇੱਕ ਪਾਸੇ ਸਰਕਾਰ ਨਵੀਆਂ ਯੋਜਨਾਵਾਂ ਅਤੇ ਸੁਵਿਧਾਵਾਂ ਲੈ ਕੇ ਆ ਰਹੀ ਹੈ, ਦੂਜੇ ਪਾਸੇ ਕੁਝ ਅਧਿਕਾਰੀਆਂ ਦੀ ਬੇਧਿਆਨੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ।

ਜੇਕਰ ਸੰਬੰਧਤ ਅਧਿਕਾਰੀ ਛੁੱਟੀ ‘ਤੇ ਹਨ, ਤਾਂ ਘੱਟੋ-ਘੱਟ ਦਫ਼ਤਰ ਦੇ ਬਾਹਰ ਇੱਕ ਸੂਚਨਾ ਤਾਂ ਲਗਾਈ ਜਾ ਸਕਦੀ ਸੀ, ਤਾਂ ਜੋ ਆਮ ਜਨਤਾ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਉਹਨਾਂ ਦਾ ਕੀਮਤੀ ਸਮਾਂ ਬਚ ਸਕੇ। ਇਸ ਵੇਲੇ ਦੀ ਸਥਿਤੀ ‘ਚ ਲੋਕਾਂ ਨੂੰ ਦਿਨ ਭਰ ਉਡੀਕ ਕਰਨੀ ਪੈਂਦੀ ਹੈ, ਜੋ ਕਿ ਨਾ ਸਿਰਫ਼ ਔਖਾ ਹੈ ਸਗੋਂ ਪ੍ਰਸ਼ਾਸਨਿਕ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਕਰਦਾ ਹੈ।




