ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਯੂਨਿਟ ਫਗਵਾੜਾ ਨੇ ਦੋ ਮਿੰਟ ਦਾ ਮੌਨ ਵਰਤ ਰੱਖ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਭੇਂਟ ਕੀਤੀ ਸ਼ਰਧਾਂਜਲੀ

ਥੋੜ੍ਹੇ ਸਮੇਂ ਵਿੱਚ ਹੀ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੋਕ ਸਦੀਆ ਤੱਕ ਭੁੱਲਾ ਨਹੀ ਸਕਣਗੇ ; ਡਾ.ਰਮਨ/ਨੂਰ
ਫਗਵਾੜਾ, 2 ਜੂਨ (NIN NEWS) ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਦੇ ਰਹਿਣ ਵਾਲੇ ਨਾਮਵਰ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਬੀਤੇ ਦਿਨੀਂ ਕੁਝ ਅਣਪਛਾਤੇ ਹਥਿਆਰਬੰਦ ਗੈਂਗਸਟਰਾਂ ਵੱਲੋਂ ਉਸ ਵੇਲੇ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਦੋਂ ਸਿੱਧੂ ਮੂਸੇਵਾਲਾ ਆਪਣੀ ਥਾਰ ਗੱਡੀ ਵਿੱਚ ਆਪਣੇ ਪਿੰਡੋਂ ਆਪਣੀ ਮਾਸੀ ਦਾ ਪਤਾ ਲੈਣ ਚੱਲਿਆ ਸੀ ਤੇ ਰਾਸਤੇ ਵਿੱਚ ਪੈਂਦੇ ਪਿੰਡ ਜਵਾਹਰਕੇ ਵਿਖੇ ਲਾਰੋਂਸ ਬਿਸ਼ਨੋਈ ਗੈਂਗ ਦੇ ਗੁਰਗਿਆ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਜਿਸ ਵਿੱਚ ਸਿੱਧੂ ਮੂਸੇਵਾਲਾ ਦੇ 8 ਤੋਂ 10 ਗੋਲੀਆਂ ਲੱਗੀਆਂ ਅਤੇ ਹਸਪਤਾਲ ਮਾਨਸਾ ਵਿਖੇ ਉਸਨੇ ਦਮ ਤੋੜ ਦਿੱਤਾ ਸੀ। ਬੁੱਧਵਾਰ ਨੂੰ ਫਗਵਾੜਾ ਵਿਖੇ ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਯੂਨਿਟ ਫਗਵਾੜਾ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ, ਜਨਰਲ ਸਕੱਤਰ ਕੁਲਦੀਪ ਸਿੰਘ ਨੂਰ, ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਤੇ ਐਗਜੈਕਟਿਵ ਮੈਂਬਰਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਜਿੱਥੇ ਸ਼ਰਧਾਂਜਲੀ ਭੇਂਟ ਕੀਤੀ ਉੱਥੇ ਹੀ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦੇਣ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਪਾਸੋਂ ਮੰਗ ਕੀਤੀ।

ਇਸ ਮੌਕੇ ਡਾਕਟਰ ਰਮਨ ਸ਼ਰਮਾ ਅਤੇ ਕੁਲਦੀਪ ਸਿੰਘ ਨੂਰ ਨੇ ਬੋਲਦਿਆਂ ਆਖਿਆ ਕਿ ਪਿੱਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਅੰਦਰ ਜਿਸ ਤਰ੍ਹਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਇਹ ਇੱਕ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿਸ ਕਾਰਨ ਪੰਜਾਬ ਵਿੱਚ ਰਹਿਣ ਵਾਲਾ ਹਰੇਕ ਨਾਗਰਿਕ ਚਿੰਤਾ ਵਿੱਚ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਪੰਜਾਬ ਨੇ ਹਮੇਸ਼ਾਂ ਹੀ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਹੈ,ਪ੍ਰੰਤੂ ਅੱਜ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਬੂਰੀ ਨਜ਼ਰ ਲੱਗ ਗਈ ਹੈ ਕਿ ਅੱਜ ਦੇ ਨੌਜਵਾਨ ਹਥਿਆਰਾਂ ਨੂੰ ਚੁੱਕ ਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ।

ਡਾਕਟਰ ਰਮਨ ਸ਼ਰਮਾ ਅਤੇ ਕੁਲਦੀਪ ਸਿੰਘ ਨੂਰ ਨੇ ਕਿਹਾ ਕਿ ਬੀਤੇ ਦਿਨ ਨਾਮਵਰ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੋ ਇੱਕ ਗਰੀਬ ਪਰਿਵਾਰ ਅਤੇ ਛੋਟੇ ਜਿਹੇ ਪਿੰਡ ਵਿਚੋਂ ਉਠਕੇ ਜਿਸਨੇ 29 ਸਾਲ ਦੀ ਛੋਟੀ ਜਿਹੀ ਉਮਰ ਵਿਚ ਦੁਨੀਆਂ ਦੀ ਉਸ ਬੁਲੰਦੀ ਨੂੰ ਹਾਸਿਲ ਕੀਤਾ ਜਿਸਨੂੰ ਕੋਈ ਵੀ ਪ੍ਰਾਪਤ ਨਹੀਂ ਕਰ ਸਕਿਆ ਹੈ, ਪਰ ਉਸਦੀ ਚੜ੍ਹਾਈ ਨੂੰ ਦੇਖਕੇ ਕੁਝ ਲੋਕਾਂ ਤੋਂ ਰਹਿਆ ਨਹੀਂ ਗਿਆ ਤੇ ਉਸਨੂੰ ਦਿਨ ਦਿਹਾੜੇ ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ ਜ਼ੋ ਬਹੁਤ ਹੀ ਮੰਦਭਾਗਾ ਹੈ ਜਿਸਨੂੰ ਸਹਿਣ ਕਰਨਾ ਮਾਪਿਆਂ ਲਈ ਤੇ ਔਖਾ ਹੈ ਹੀ ਬਲਕਿ ਉਸ ਸ਼ਖ਼ਸੀਅਤ ਨੂੰ ਪਿਆਰ ਕਰਨ ਵਾਲੇ ਕਰੋੜਾਂ ਸਰੋਤਿਆਂ ਲਈ ਬੇਹੱਦ ਔਖਾ ਸਮਾਂ ਹੈ ਅੱਜ ਹਰ ਅੱਖ ਨਮ ਹੈ ਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ।

ਉਨਾਂ ਅੱਗੇ ਕਿਹਾ ਕਿ ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਪਰਾਧੀ ਨਿਡਰ ਹੋ ਕੇ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇ ਰਹੇ ਹਨ। ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸ਼ੀਲ ਸ਼ਰਮਾ, ਮਨਜੀਤ ਰਾਮ, ਬਲਵੀਰ ਕੁਮਾਰ, ਕਸਤੂਰੀ ਲਾਲ, ਐਡਵੋਕੇਟ ਧੰਨਦੀਪ ਕੌਰ, ਜੀਵਨ ਲਾਲ, ਰਾਜੂ, ਅਮਰਜੀਤ ਚੁੰਬਰ, ਲੱਕੀ ਸ਼ਰਮਾ, ਪ੍ਰਵੀਨ ਕਨੌਜੀਆ, ਆਸ਼ੂ ਮਰਵਾਹਾ, ਆਦਿ ਹਾਜਰ ਸਨ