ਸਿੱਖ ਕੌਮ ਨੂੰ ਅੱਖੋਂ ਪਰੋਖੇ ਕਰ ਪੰਜਾਬ ਵਿੱਚ ਰਾਜ ਕਾਇਮ ਕਰਨ ਦੇ ਸੁਪਨੇ ਨਾ ਲੈਣ ਕੇਜਰੀਵਾਲ- ਨੂਰ
ਆਦਮਪੁਰ (NIN NEWS): ਸਿੱਖ ਕੌਮ ਨੂੰ ਅੱਖੋਂ ਪਰੋਖੇ ਕਰ ਦਿੱਲੀ ਦੀ ਤਰਜ ‘ਤੇ ਪੰਜਾਬ ਵਿੱਚ ਰਾਜ ਕਾਇਮ ਕਰਨ ਦੇ ਸੁਪਨੇ ਨਾ ਲਵੇ ਕੇਜਰੀਵਾਲ ਜਦੋਂ-ਜਦੋਂ ਵੀ ਹਿੰਦੋਸਤਾਨ ਤੇ ਭੀੜ ਬਣੀ ਹੈ ਤਾਂ ਸਿੱਖ ਕੌਮ ਨੇ ਆਪਣੀ ਛਾਤੀ ਡਾਹਕੇ ਦੇਸ਼ ਦੀ ਰਾਖੀ ਕੀਤੀ ਹੈ ਪਰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੱਖ ਕੌਮ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ ਜਿਸਦਾ ਖਮਿਆਜ਼ਾ ਉਸਨੂੰ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਆਦਮਪੁਰ ਤੋਂ ਉਮੀਦਵਾਰ ਕੁਲਦੀਪ ਸਿੰਘ ਨੂਰ ਨੇ ਇੱਕ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਕੀਤਾ। ਉਹਨਾਂ ਅੱਗੇ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਦੇ ਨਾਲ ਸਬੰਧਤ ਫਾਇਲ ਉੱਪਰ ਅਰਵਿੰਦ ਕੇਜਰੀਵਾਲ ਵੱਲੋਂ ਦਸਤਖਤ ਨਾ ਕਰਕੇ ਆਪਣਾ ਸਿੱਖ ਕੌਮ ਦੇ ਵਿਰੋਧੀ ਹੋਣ ਦਾ ਪੁਖਤਾ ਸਬੂਤ ਪੰਜਾਬੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਦੇ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਾਂ ਉਸਦੀ ਸਾਰੀ ਟੀਮ ਨਾ ਕੱਲ੍ਹ ਸਿੱਖ ਹਿਤੈਸ਼ੀ ਸੀ ਨਾਂ ਅੱਜ ਹੈ ਅਤੇ ਨਾ ਹੀ ਭਵਿੱਖ ਦੇ ਵਿੱਚ ਸਿੱਖ ਕੌਮ ਪ੍ਰਤੀ ਹਿਤੈਸ਼ੀ ਹੋਵੇਗੀ। ਕੁਲਦੀਪ ਸਿੰਘ ਨੂਰ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਸਿੱਖ ਕੌਮ ਕਰੇ, ਛਾਤੀਆਂ ਤੇ ਗੋਲੀਆਂ ਇਹ ਖਾਣ ਤੇ ਕੁਰਸੀ ਸਮੇਤ ਵਧੀਆ ਸੁੱਖ ਸਹੂਲਤਾਂ ਦਾ ਅਨੰਦ ਇਹ ਮਾਨਣ, ਤੇ ਆਪਣੀ ਹੌਂਦ ਦੀ ਲੜਾਈ ਲੜਣ ਵਾਲੇ ਸੂਰਮਿਆਂ ਨੂੰ ਇਹ ਲੋਕ ਜੇਲ੍ਹਾਂ ਵਿੱਚ ਬੰਦ ਕਰਕੇ ਰੱਖਣ ਕੀ ਸਿੱਖ ਕੌਮ ਇਹਨਾਂ ਦਾ ਤਸ਼ੱਦਦ ਝੱਲਣ ਤੇ ਦੁਸ਼ਮਣ ਦੀਆਂ ਗੋਲੀਆਂ ਖਾਣ ਲਈ ਹੀ ਬਣੀ ਹੈ।
ਕੁਲਦੀਪ ਸਿੰਘ ਨੂਰ ਨੇ ਹਲਕਾ ਆਦਮਪੁਰ ਸਮੇਤ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੇਜਰੀਵਾਲ ਦੀ ਟੀਮ ਦੇ ਵਰਕਰ ਤੁਹਾਡੇ ਸ਼ਹਿਰ, ਪਿੰਡ, ਮੁਹੱਲੇ ਵਿੱਚ ਆਉਣ ਇਹਨਾਂ ਇਹ ਜਰੂਰ ਪੁੱਛਿਓ ਕਿ ਤੁਹਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੋਫੈਸਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਇਲ ਉੱਪਰ ਦਸਤਖਤ ਕਿਉਂ ਨੀ ਕੀਤੇ ਸਿੱਖ ਕੌਮ ਨੂੰ ਇਹ ਜਵਾਬ ਦਿਓ।