ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪਾਬੰਦੀਸ਼ੁਦਾ ਸੰਗਠਨ ਸਿੱਖਸ ਫੌਰ ਜਸਟਿਸ ਨਾਲ ਜੁੜੇ ਐਪਸ, ਵੈੱਬਸਾਈਟਸ ਅਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਹਨ।
ਨਵੀ ਦਿੱਲੀ(NIN NEWS): ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੇ ਤਹਿਤ ਗ਼ੈਰ-ਕਾਨੂੰਨੀ ਐਲਾਨਿਆ ਗਿਆ ਸੰਗਠਨ ਸਿੱਖਸ ਫੌਰ ਜਸਟਿਸ (ਐੱਸਐੱਫਜੇ) ਨਾਲ ਨਜ਼ਦੀਕੀ ਸਬੰਧ ਰੱਖਣ ਵਾਲੇ ਵਿਦੇਸ਼-ਅਧਾਰਿਤ “ਪੰਜਾਬ ਪੌਲੀਟਿਕਸ ਟੀਵੀ” ਦੇ ਐਪਸ, ਵੈੱਬਸਾਈਟ ਅਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਹਨ। ਇੰਟੈਲੀਜੈਂਸ ਇਨਪੁਟਸ ‘ਤੇ ਭਰੋਸਾ ਕਰਦੇ ਹੋਏ ਕਿ ਚੈਨਲ ਰਾਜ ਵਿੱਚ ਚਲ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਬਲਿਕ ਵਿਵਸਥਾ ਨੂੰ ਵਿਗਾੜਨ ਲਈ ਔਨਲਾਈਨ ਮੀਡੀਆ ਦੀ ਵਰਤੋਂ ਕਰ ਰਿਹਾ ਸੀ, ਮੰਤਰਾਲੇ ਨੇ 18 ਫਰਵਰੀ ਨੂੰ ਆਈਟੀ ਨਿਯਮਾਂ ਦੇ ਤਹਿਤ “ਪੰਜਾਬ ਪੌਲੀਟਿਕਸ ਟੀਵੀ” ਦੇ ਡਿਜੀਟਲ ਮੀਡੀਆ ਸੰਸਾਧਨਾਂ ਨੂੰ ਬਲੌਕ ਕਰਨ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ।
ਬਲੌਕ ਕੀਤੇ ਐਪਸ, ਵੈੱਬਸਾਈਟ, ਅਤੇ ਸੋਸ਼ਲ ਮੀਡੀਆ ਖਾਤਿਆਂ ਦੀ ਸਮਗਰੀ ਵਿੱਚ ਫਿਰਕੂ ਅਸਹਿਮਤੀ ਅਤੇ ਵੱਖਵਾਦ ਨੂੰ ਭੜਕਾਉਣ ਦੀ ਸਮਰੱਥਾ ਸੀ; ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ ਅਤੇ ਪਬਲਿਕ ਵਿਵਸਥਾ ਲਈ ਹਾਨੀਕਾਰਕ ਪਾਏ ਗਏ ਸਨ। ਇਹ ਵੀ ਦੇਖਿਆ ਗਿਆ ਕਿ ਨਵੀਆਂ ਐਪਾਂ ਅਤੇ ਸੋਸ਼ਲ ਮੀਡੀਆ ਖਾਤਿਆਂ ਦੀ ਸ਼ੁਰੂਆਤ ਮੌਜੂਦਾ ਚੋਣਾਂ ਦੌਰਾਨ ਟ੍ਰੈਕਸ਼ਨ ਹਾਸਲ ਕਰਨ ਲਈ ਕੀਤੀ ਗਈ ਸੀ।
ਭਾਰਤ ਸਰਕਾਰ ਭਾਰਤ ਵਿੱਚ ਸਮੁੱਚੇ ਸੂਚਨਾ ਵਾਤਾਵਰਣ ਨੂੰ ਸੁਰੱਖਿਅਤ ਕਰਨ ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਨਾਕਾਮ ਕਰਨ ਲਈ ਚੌਕਸ ਅਤੇ ਪ੍ਰਤੀਬੱਧ ਹੈ।