ਭਾਰਤ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਸੰਗਠਨਾਂ ‘ਤੇ ਸਖ਼ਤ ਕਾਰਵਾਈ ਕੀਤੀ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪਾਕਿਸਤਾਨ ਦੀ ਪੁਸ਼ਤ ਪਨਾਹੀ ਵਾਲੇ ਫੇਕ ਨਿਊਜ਼ ਨੈੱਟਵਰਕਾਂ ‘ਤੇ ਪਾਬੰਦੀ ਲਗਾਈ

ਭਾਰਤ ਵਿਰੋਧੀ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 35 ਯੂ-ਟਿਊਬ ਚੈਨਲਾਂ, 2 ਵੈੱਬਸਾਈਟਾਂ ‘ਤੇ ਪਾਬੰਦੀ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 35 ਯੂ-ਟਿਊਬ ਅਧਾਰਿਤ ਨਿਊਜ਼ ਚੈਨਲਾਂ ਅਤੇ 2 ਵੈੱਬਸਾਈਟਾਂ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਹਨ, ਜੋ ਡਿਜੀਟਲ ਮੀਡੀਆ ‘ਤੇ ਤਾਲਮੇਲ ਨਾਲ ਭਾਰਤ ਵਿਰੋਧੀ ਫਰਜ਼ੀ ਖ਼ਬਰਾਂ ਫੈਲਾਉਣ ‘ਚ ਸ਼ਾਮਲ ਸਨ। ਮੰਤਰਾਲੇ ਦੁਆਰਾ ਬਲੌਕ ਕੀਤੇ ਗਏ ਯੂ-ਟਿਊਬ ਅਕਾਊਂਟਸ ਦੇ ਕੁੱਲ ਸਬਸਕ੍ਰਾਈਬਰਸ ਦੀ ਗਿਣਤੀ 1 ਕਰੋੜ 20 ਲੱਖ ਤੋਂ ਵੱਧ ਸੀ ਅਤੇ ਉਨ੍ਹਾਂ ਦੇ ਵੀਡੀਓਜ਼ ‘ਤੇ 130 ਕਰੋੜ ਤੋਂ ਵੱਧ ਵਿਯੂਜ਼ ਸਨ। ਇਸ ਤੋਂ ਇਲਾਵਾ, ਦੋ ਟਵਿੱਟਰ ਅਕਾਊਂਟ, ਦੋ ਇੰਸਟਾਗ੍ਰਾਮ ਅਕਾਊਂਟ ਅਤੇ ਇੱਕ ਫੇਸਬੁੱਕ ਅਕਾਊਂਟ ਨੂੰ ਵੀ ਇੰਟਰਨੈੱਟ ‘ਤੇ ਤਾਲਮੇਲ ਨਾਲ ਭਾਰਤ ਵਿਰੋਧੀ ਗਲਤ ਜਾਣਕਾਰੀ ਫੈਲਾਉਣ ਵਿੱਚ ਸ਼ਾਮਲ ਹੋਣ ਲਈ ਸਰਕਾਰ ਦੁਆਰਾ ਬਲੌਕ ਕਰ ਦਿੱਤਾ ਗਿਆ ਹੈ।

ਸੂਚਨਾ ਟੈਕਨੋਲੋਜੀ (ਮੱਧਵਰਤੀ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਦੇ ਨਿਯਮ 16 ਦੇ ਤਹਿਤ ਜਾਰੀ ਕੀਤੇ ਗਏ ਪੰਜ ਵੱਖ-ਵੱਖ ਆਦੇਸ਼ਾਂ ਦੇ ਤਹਿਤ, ਮੰਤਰਾਲੇ ਨੇ ਇਨ੍ਹਾਂ ਪਾਕਿਸਤਾਨ ਅਧਾਰਿਤ ਸੋਸ਼ਲ ਮੀਡੀਆ ਅਕਾਊਂਟਸ ਅਤੇ ਵੈੱਬਸਾਈਟਾਂ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਹੈ। ਭਾਰਤੀ ਖੁਫੀਆ ਏਜੰਸੀਆਂ ਇਨ੍ਹਾਂ ਸੋਸ਼ਲ ਮੀਡੀਆ ਅਕਾਊਂਟਸ ਅਤੇ ਵੈੱਬਸਾਈਟਾਂ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਸਨ ਅਤੇ ਉਨ੍ਹਾਂ ਦੁਆਰਾ ਮੰਤਰਾਲੇ ਨੂੰ ਤੁਰੰਤ ਕਾਰਵਾਈ ਲਈ ਝੰਡੀ ਦੇ ਦਿੱਤੀ ਗਈ ਸੀ।

ਮੋਡਸ ਓਪਰੇਂਡੀ (ਕਾਰਜ ਵਿਧੀ): ਕੋਆਰਡੀਨੇਟਿਡ ਡਿਸਇਨਫਰਮੇਸ਼ਨ ਨੈੱਟਵਰਕਸ
ਮੰਤਰਾਲੇ ਦੁਆਰਾ ਬਲੌਕ ਕੀਤੇ ਗਏ 35 ਖਾਤੇ ਸਾਰੇ ਪਾਕਿਸਤਾਨ ਤੋਂ ਸੰਚਾਲਿਤ ਸਨ ਅਤੇ ਉਨ੍ਹਾਂ ਦੀ ਪਛਾਣ ਚਾਰ ਤਾਲਮੇਲ ਵਾਲੇ ਡਿਸਇਨਫਰਮੇਸ਼ਨ ਨੈਟਵਰਕ ਦੇ ਹਿੱਸੇ ਵਜੋਂ ਕੀਤੀ ਗਈ ਸੀ। ਇਹਨਾਂ ਵਿੱਚ 14 ਯੂ-ਟਿਊਬ ਚੈਨਲਾਂ ਦਾ ਸੰਚਾਲਨ ਕਰਨ ਵਾਲਾ ਅਪਨੀ ਦੁਨੀਆ ਨੈੱਟਵਰਕ ਅਤੇ ਤਲ਼ਹਾ ਫ਼ਿਲਮਜ਼ ਨੈੱਟਵਰਕ 13 ਯੂ-ਟਿਊਬ ਚੈਨਲ ਚਲਾ ਰਿਹਾ ਹੈ। ਚਾਰ ਚੈਨਲਾਂ ਦਾ ਇੱਕ ਸੈੱਟ ਅਤੇ ਦੋ ਹੋਰ ਚੈਨਲਾਂ ਦਾ ਇੱਕ ਸੈੱਟ ਵੀ ਇੱਕ ਦੂਜੇ ਨਾਲ ਤਾਲਮੇਲ ਨਾਲ ਇੱਕ ਸਮਾਨ ਕੰਮ ਕਰਦੇ ਹੋਏ ਪਾਇਆ ਗਿਆ।
ਇਹ ਸਾਰੇ ਨੈੱਟਵਰਕ ਭਾਰਤੀ ਦਰਸ਼ਕਾਂ ਵਿੱਚ ਫਰਜ਼ੀ ਖ਼ਬਰਾਂ ਫੈਲਾਉਣ ਦੇ ਇੱਕੋ ਟੀਚੇ ਨਾਲ ਸੰਚਾਲਿਤ ਜਾਪਦੇ ਹਨ। ਚੈਨਲ ਜੋ ਕਿ ਇੱਕ ਨੈੱਟਵਰਕ ਦਾ ਹਿੱਸਾ ਸਨ, ਇੱਕੋ ਜਿਹੇ ਹੈਸ਼ਟੈਗ ਅਤੇ ਸੰਪਾਦਨ ਸ਼ੈਲੀਆਂ ਦੀ ਵਰਤੋਂ ਕਰਦੇ ਸਨ, ਆਮ ਵਿਅਕਤੀਆਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਸਨ ਅਤੇ ਇੱਕ ਦੂਜੇ ਦੀ ਸਮੱਗਰੀ ਨੂੰ ਅੱਗੇ ਭੇਜਦੇ ਸਨ। ਕੁਝ ਯੂ-ਟਿਊਬ ਚੈਨਲ ਪਾਕਿਸਤਾਨੀ ਟੀਵੀ ਨਿਊਜ਼ ਚੈਨਲਾਂ ਦੇ ਐਂਕਰ ਚਲਾ ਰਹੇ ਸਨ।
ਸਮੱਗਰੀ ਦੀ ਪ੍ਰਕਿਰਤੀ
ਮੰਤਰਾਲੇ ਦੁਆਰਾ ਬਲੌਕ ਕੀਤੇ ਗਏ ਯੂ-ਟਿਊਬ ਚੈਨਲਾਂ, ਵੈੱਬਸਾਈਟਾਂ ਅਤੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੀ ਵਰਤੋਂ ਪਾਕਿਸਤਾਨ ਦੁਆਰਾ ਭਾਰਤ ਨਾਲ ਸਬੰਧਿਤ ਸੰਵੇਦਨਸ਼ੀਲ ਵਿਸ਼ਿਆਂ ਬਾਰੇ ਭਾਰਤ ਵਿਰੋਧੀ ਫ਼ਰਜ਼ੀ ਖ਼ਬਰਾਂ ਫੈਲਾਉਣ ਲਈ ਕੀਤੀ ਗਈ ਸੀ। ਇਨ੍ਹਾਂ ਵਿੱਚ ਭਾਰਤੀ ਫੌਜ, ਜੰਮੂ-ਕਸ਼ਮੀਰ ਅਤੇ ਦੂਜੇ ਦੇਸ਼ਾਂ ਨਾਲ ਭਾਰਤ ਦੇ ਵਿਦੇਸ਼ੀ ਸਬੰਧ ਵਰਗੇ ਵਿਸ਼ੇ ਸ਼ਾਮਲ ਹਨ। ਇਹ ਦੇਖਿਆ ਗਿਆ ਸੀ ਕਿ ਸਾਬਕਾ ਚੀਫ਼ ਆਵ੍ ਡਿਫੈਂਸ ਸਟਾਫ਼ ਸਵਰਗੀ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਬਾਰੇ ਯੂ-ਟਿਊਬ ਚੈਨਲਾਂ ਰਾਹੀਂ ਫ਼ਰਜ਼ੀ ਖ਼ਬਰਾਂ ਫੈਲਾਈਆਂ ਗਈਆਂ ਸਨ। ਇਨ੍ਹਾਂ ਯੂ-ਟਿਊਬ ਚੈਨਲਾਂ ਨੇ ਪੰਜ ਰਾਜਾਂ ਦੀਆਂ ਆਗਾਮੀ ਚੋਣਾਂ ਦੀ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਲਈ ਸਮੱਗਰੀ ਵੀ ਪੋਸਟ ਕਰਨੀ ਸ਼ੁਰੂ ਕਰ ਦਿੱਤੀ ਸੀ।
ਚੈਨਲਾਂ ਨੇ ਵੱਖਵਾਦ ਨੂੰ ਉਤਸ਼ਾਹਿਤ ਕਰਨ, ਭਾਰਤ ਨੂੰ ਧਰਮ ਦੇ ਆਧਾਰ ‘ਤੇ ਵੰਡਣ ਅਤੇ ਭਾਰਤੀ ਸਮਾਜ ਦੇ ਵੱਖ-ਵੱਖ ਵਰਗਾਂ ਵਿਚਕਾਰ ਦੁਸ਼ਮਣੀ ਪੈਦਾ ਕਰਨ ਲਈ ਸਮੱਗਰੀ ਦਾ ਪ੍ਰਚਾਰ ਕੀਤਾ। ਅਜਿਹੀ ਜਾਣਕਾਰੀ ਤੋਂ ਦੇਸ਼ ਵਿੱਚ ਲੋਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਅਪਰਾਧਾਂ ਲਈ ਦਰਸ਼ਕਾਂ ਨੂੰ ਭੜਕਾਉਣ ਦੀ ਸੰਭਾਵਨਾ ਹੋਣ ਦਾ ਡਰ ਸੀ।
ਸਰਕਾਰ ਦੁਆਰਾ ਹਾਲ ਹੀ ਵਿੱਚ ਕੀਤੀ ਗਈ ਕਾਰਵਾਈ ਦਸੰਬਰ, 2021 ਵਿੱਚ 20 ਯੂ-ਟਿਊਬ ਚੈਨਲਾਂ ਅਤੇ 2 ਵੈੱਬਸਾਈਟਾਂ ਨੂੰ ਬਲੌਕ ਕਰਨ ਤੋਂ ਬਾਅਦ ਕੀਤੀ ਗਈ ਹੈ, ਜਦੋਂ ਆਈਟੀ ਨਿਯਮ, 2021 ਦੇ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਪਹਿਲੀ ਵਾਰ ਅਜਿਹੇ ਭਾਰਤ ਵਿਰੋਧੀ ਜਾਅਲੀ ਖ਼ਬਰਾਂ ਦੇ ਨੈਟਵਰਕਾਂ ਵਿਰੁੱਧ ਕਾਰਵਾਈ ਕਰਨ ਲਈ ਕੀਤੀ ਗਈ ਸੀ। ਖੁਫੀਆ ਏਜੰਸੀਆਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਭਾਰਤ ਵਿੱਚ ਸੂਚਨਾ ਦੇ ਸਮੁੱਚੇ ਮਾਹੌਲ ਨੂੰ ਸੁਰੱਖਿਅਤ ਕਰਨ ਲਈ ਮਿਲ ਕੇ ਕੰਮ ਕਰਦੇ ਹਨ।
ਅਨੁਬੰਧ
ਯੂ-ਟਿਊਬ ਚੈਨਲ ਅਤੇ ਵੈੱਬਸਾਈਟਾਂ ਜੋ ਭਾਰਤ ਵਿਰੋਧੀ ਸਮੱਗਰੀ ਫੈਲਾਉਂਦੀਆਂ ਹਨ।