ਮ੍ਰਿਤਕ ਦੇਹ ਨੂੰ ਕਲੇਮ ਕਰਨ ਲਈ ਸਿਵਲ ਹਸਪਤਾਲ ਵਿਖੇ ਸੰਪਰਕ ਕਰ ਸਕਦੇ ਹਨ ਮ੍ਰਿਤਕ ਦੇ ਵਾਰਸ : ਐਸ.ਡੀ.ਐਮ.
ਕੋਵਿਡ ਕਾਰਨ 10 ਦਿਨ ਪਹਿਲਾਂ ਹੋਈ ਸੀ ਸਿਵਲ ਹਸਪਤਾਲ ਵਿੱਚ ਵਿਅਕਤੀ ਦੀ ਮੌਤ।
ਕਿਸੇ ਵੱਲੋਂ ਵੀ ਕਲੇਮ ਨਾ ਕਰਨ ਕਰਕੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ, ਪੁਲਿਸ ਨੂੰ ਕੀਤਾ ਸੂਚਿਤ।
ਜਲੰਧਰ(NIN NEWS): ਸਿਵਲ ਹਸਪਤਾਲ ਵਿਖੇ ਦਾਖਲ ਮਰੀਜ਼, ਜਿਸ ਦੀ ਕੁਝ ਦਿਨ ਪਹਿਲਾਂ ਕੋਵਿਡ-19 ਕਾਰਨ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਨੂੰ ਕਿਸੇ ਵੱਲੋਂ ਵੀ ਕਲੇਮ ਨਾ ਕਰਨ ਕਰਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾਇਆ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ.-2 ਹਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਨਿਰਮਲ ਸਿੰਘ (50) ਪੁੱਤਰ ਹਰਬੰਸ ਸਿੰਘ ਵਾਸੀ ਕਪੂਰਥਲਾ ਰੋਡ, ਜਲੰਧਰ ਨੂੰ 4 ਜੂਨ 2021 ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ 5 ਜੂਨ 2021 ਨੂੰ ਸ਼ਾਮ 5:15 ਵਜੇ ਮਰੀਜ਼ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਅਜੇ ਤੱਕ ਕੋਈ ਵੀ ਵਿਅਕਤੀ ਮ੍ਰਿਤਕ ਦੇਹ ਨੂੰ ਕਲੇਮ ਕਰਨ ਲਈ ਅੱਗੇ ਨਹੀਂ ਆਇਆ ਅਤੇ ਮਰੀਜ਼ ਨੂੰ ਦਾਖਲ ਕਰਵਾਉਣ ਸਮੇਂ ਦਿੱਤੇ ਗਏ ਮੋਬਾਇਲ ਨੰਬਰ ਵੀ ਬੰਦ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾਇਆ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਮ੍ਰਿਤਕ ਦੇਹ ਨੂੰ ਕਲੇਮ ਕਰਨ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਸੰਪਰਕ ਕਰ ਸਕਦੇ ਹਨ।