

ਫਤਹਿਗੜ੍ਹ ਸਾਹਿਬ (ਮਲਕੀਤ ਸਿੰਘ ਭਾਮੀਆਂ) : ਪੰਜਾਬ ਸਰਕਾਰ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਪੁਰੀ ਕਰ ਚੁੱਕੇ ਹਨ। ਇਸਦੇ ਬਾਵਜੂਦ ਬਹੁਤ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ‘ਚ ਵਡੇਰੀ ਉਮਰ ਦੇ ਅਧਿਕਾਰੀ ਤੇ ਕਰਮਚਾਰੀ ਨੌਕਰੀ ਕਰ ਰਹੇ ਹਨ। ਪੈਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ ( ਵਿਕਾਸ ) ਕਮ – ਵਧੀਕ ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਨੂੰ ਪੱਤਰ ਜਾਰੀ ਕਰਕੇ 58 ਸਾਲ ਤੋਂ ਵੱਧ ਉਮਰ ਦੇ ਕਰਮਚਾਰੀ ਜੋ ਵੱਖ ਵੱਖ ਸਕੀਮਾਂ ਅਧੀਨ ਕੰਮ ਕਰਦੇ ਹਨ, ਦੀਆਂ ਸੇਵਾਵਾਂ ਤੁਰੰਤ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਹਨ। ਯਾਦ ਰਹੇ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਵੀ 58 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪਰ ਇਸਦੇ ਬਾਵਜੂਦ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਧੀਨ ਚੱਲ ਰਹੀਆਂ ਕਾਰਪੋਰੇਸ਼ਨਾਂ ਤੇ ਸਕੀਮਾਂ ਤਹਿਤ ਕਈ ਅਜਿਹੇ ਕਰਮਚਾਰੀ ਤੇ ਅਧਿਕਾਰੀ ਤਾਇਨਾਤ ਹਨ,ਜੋ 60 ਸਾਲ ਤੋਂ ਵੱਧ ਉਮਰ ਦੇ ਹਨ।
ਜਾਣਕਾਰੀ ਅਨੁਸਾਰ ਪ੍ਰਾਹੁਣਚਾਰੀ ਵਿਭਾਗ ਸ਼੍ਰੀ ਆਨੰਦਪੁਰ ਸਾਹਿਬ ਫਾਊਂਡੇਸ਼ਨ, ਮਗਨਰੇਗਾ ਸਮੇਤ ਕਈ ਵਿਭਾਗਾਂ ਵਿੱਚ ਕਈ ਅਜਿਹੇ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਹਨ, ਜਿਹੜੇ ਹਰੇਕ ਸਰਕਾਰ ਵਿੱਚ ਅਪਣਾ ਜੁਗਾੜ ਲਗਾ ਲੈਂਦੇ ਹਨ। ਵਰਨਣਯੋਗ ਹੈ ਕਿ ਪਹਿਲਾਂ ਸੂਬਾ ਸਰਕਾਰ ਨੇ 58 ਸਾਲ ਤੋਂ ਬਾਅਦ ਅਧਿਕਾਰੀਆਂ, ਕਰਮਚਾਰੀਆਂ ਨੂੰ ਇਕ ਇਕ ਸਾਲ ਦੋ ਸਾਲਾਂ ਦਾ ਵਾਧਾ ਦਿੱਤਾ ਜਾਂਦਾ ਸੀ।