ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ 7.51 ਕਰੋੜ ਰੁਪਏ ਦੇ ਹੜ੍ਹ ਰੋਕੂ ਕਾਰਜਾਂ ਦਾ ਕੀਤਾ ਨਿਰੀਖਣ
ਜ਼ਿਲ੍ਹੇ ਦੇ ਹੜ੍ਹ ਸੰਭਾਵੀ ਇਲਾਕਿਆਂ ਦਾ ਕੀਤਾ ਦੌਰਾ
ਜਲੰਧਰ(NIN NEWS): ਬਰਸਾਤ ਦੇ ਮੌਸਮ ਕਾਰਨ ਕਿਸੇ ਵੀ ਹੜ੍ਹ ਵਰਗੇ ਹਾਲਾਤ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਅੱਜ 7.51 ਕਰੋੜ ਰੁਪਏ ਦੇ ਹੜ੍ਹ ਰੋਕੂ ਕਾਰਜਾਂ ਦਾ ਜਾਇਜ਼ਾ ਲੈਣ ਲਈ ਜਲੰਧਰ ਦੇ ਹੜ੍ਹ ਸੰਭਾਵੀ ਇਲਾਕਿਆਂ ਦਾ ਨਿਰੀਖਣ ਕੀਤਾ ਗਿਆ।
ਡਿਪਟੀ ਕਮਿਸ਼ਨਰ, ਜਿਨ੍ਹਾਂ ਵੱਲੋਂ ਅੱਜ ਸ਼ਾਹਕੋਟ ਸਬ ਡਵੀਜ਼ਨ ਦਾ ਦੌਰਾ ਕੀਤਾ ਗਿਆ, ਨੇ ਕਿਹਾ ਕਿ ਪ੍ਰਸ਼ਾਸਨ ਨਾਜ਼ੁਕ ਥਾਵਾਂ ਦੇ ਮਜ਼ਬੂਤੀਕਰਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸੰਭਾਵਨਾ ਨਾ ਰਹੇ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਮਜ਼ਬੂਤੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ਼੍ਰੀ ਥੋਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਨਿਜੀ ਤੌਰ ‘ਤੇ ਇਸ ਮਾਮਲੇ ‘ਚ ਦਿਨ-ਬ-ਦਿਨ ਹੋ ਰਹੀ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਕੰਮ ਵਿਚ ਕੋਈ ਲਾਪ੍ਰਵਾਹੀ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਉਦੇਸ਼ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਹੜ੍ਹਾਂ ਤੋਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਜੇਕਰ ਲੋੜ ਪਈ ਤਾਂ ਫੰਡਾਂ ਦੇ ਨਾਲ-ਨਾਲ ਵਧੇਰੇ ਸਰੋਤ ਵੀ ਜੁਟਾਏ ਜਾਣਗੇ। ਸ਼੍ਰੀ ਥੋਰੀ ਨੇ ਕਿਹਾ ਕਿ ਮੁੱਖ ਤਰਜੀਹ ਸਤਲੁਜ ਦਰਿਆ ਦੇ ਨਾਲ-ਨਾਲ ਨਾਜ਼ੁਕ ਬਿੰਦੂਆਂ ਦੀ ਹਰ ਕੀਮਤ ‘ਤੇ ਮਜ਼ਬੂਤੀ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਲੋਕਾਂ ਦੇ ਜਾਨ-ਮਾਲ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਕੋਈ ਨੁਕਸਾਨ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਸਤਲੁਜ ਦਰਿਆ ਦੇ ਨਾਲ-ਨਾਲ ਚੱਲ ਰਹੇ ਕੰਮ ਦੀ ਰਫ਼ਤਾਰ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਇਹ ਕੰਮ ਅਗਲੇ ਮਹੀਨੇ ਦੀ ਸ਼ੁਰੂਆਤ ਤੱਕ ਪੂਰਾ ਹੋਣਾ ਲਾਜ਼ਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼੍ਰੀ ਥੋਰੀ ਨੇ ਕਿਹਾ ਕਿ ਉਹ ਸਮੇਂ-ਸਮੇਂ ’ਤੇ ਇਸ ਕੰਮ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ ਤਾਂ ਜੋ ਇਸ ਨੂੰ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ।