ਤੇਜ਼ ਧਾਰ ਹਥਿਆਰ ਨਾਲ ਲੈਸ ਪੁਲੀਸ ਮੁਲਾਜ਼ਮ ਨੇ ਫਿਰ ਕੀਤਾ ਹੰਗਾਮਾ,ਇਲਾਕਾ ਨਿਵਾਸੀਆਂ ਨੇ ਦੌੜ ਕੇ ਬਚਾਈਆਂ ਆਪਣੀਆ ਜਾਨਾਂ……
ਜਲੰਧਰ(NIN NEWS,ਸੰਨੀ ਕੁਮਾਰ) ਥਾਣਾ ਡਿਵੀਜ਼ਨ 1 ਦੇ ਘੇਰੇ ਚ ਆਉਂਦੇ ਨੰਦਨਪੁਰ ਰੋਡ ਅਸ਼ੋਕ ਨਗਰ ਮਕਸੂਦਾਂ ਵਿਖੇ ਰਹਿ ਰਹੇ ਪੁਲੀਸ ਮੁਲਾਜ਼ਮ ਵੱਲੋਂ ਦੇਰ ਸ਼ਾਮ ਫਿਰ ਤੇਜ਼ ਧਾਰ ਹਥਿਆਰ ਨਾਲ ਲੈਸ ਹੋ ਕੇ ਜੰਮ ਕੇ ਹੰਗਾਮਾ ਕੀਤਾ।ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਚ ਹੀ ਸਥਿਤ ਪੁਲੀਸ ਮੁਲਾਜ਼ਮ ਵੱਲੋਂ ਆਪਣੀ ਦੁਕਾਨ ਦੇ ਬਾਹਰ ਸੜਕ ਤੇ ਬੈਠ ਕੇ ਪਹਿਲਾਂ ਸ਼ਰਾਬ ਦਾ ਸੇਵਨ ਕੀਤਾ ਤੇ ਉਸ ਤੋਂ ਬਾਅਦ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਰਾਹ ਚਲਦੀਆਂ ਮੁਟਿਆਰਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ।
ਜਿਸ ਦੌਰਾਨ ਲੋਕਾਂ ਵੱਲੋਂ ਵਿਰੋਧ ਕਰਨ ਤੇ ਉਹ ਨਜ਼ਦੀਕ ਹੀ ਸਥਿਤ ਕਲੀਨਿਕ ਤੇ ਗਿਆ ਜਿੱਥੇ ਉਸ ਵੱਲੋਂ ਡਾਕਟਰ ਨਾਲ ਵੀ ਗਾਲੀ ਗਲੋਚ ਕੀਤਾ ਤੇ ਡਾਕਟਰਾਂ ਵੱਲੋਂ ਵਿਰੋਧ ਕਰਨ ਉਪਰੰਤ ਜਦੋਂ ਉਹ ਕਲੀਨਿਕ ਚੋਂ ਬਾਹਰ ਆਇਆ ਤਾਂ ਉਸ ਦੇ ਸਾਹਮਣੇ ਹੀ ਸਥਿਤ ਦਵਾਈਆਂ ਦੀ ਦੁਕਾਨ ਤੇ ਮੌਜੂਦ ਤਿੰਨ ਨੌਜਵਾਨਾਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦ ਉਹ ਨੌਜਵਾਨ ਆਪਣੀ ਜਾਨ ਬਚਾਉਣ ਲਈ ਉਥੋਂ ਭੱਜੇ ਤਾਂ ਉਸ ਦੇ ਪਿੱਛੇ ਹੀ ਪੁਲੀਸ ਮੁਲਾਜ਼ਮ ਰਸ਼ਪਾਲ ਸਿੰਘ ਪੁੱਤਰ ਮੁਹਿੰਦਰ ਸਿੰਘ ਵੱਲੋਂ ਕਹੀ ਲੈ ਕੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤੀ ਨਾਲ ਨੌਜਵਾਨ ਤਾਂ ਬਚ ਗਏ ਜਿਸ ਉਪਰੰਤ ਪੁਲੀਸ ਮੁਲਾਜ਼ਮ ਵੱਲੋਂ ਫਿਰ ਤੇਜ਼ਧਾਰ ਹਥਿਆਰ ਲੈ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਇਲਾਕਾ ਨਿਵਾਸੀਆਂ ਵੱਲੋਂ ਥਾਣਾ ਡਿਵੀਜ਼ਨ 1 ਨੂੰ ਸੂਚਨਾ ਦਿੱਤੀ ਗਈ।
ਨੌਜਵਾਨਾਂ ਨੇ ਕੁੱਟ ਕੇ ਮੈਨੂੰ ਕੀਤਾ ਜ਼ਖਮੀ- ਪੁਲੀਸ ਮੁਲਾਜ਼ਮ ਇਸ ਸਬੰਧੀ ਜਦ ਥਾਣਾ ਡਵੀਜ਼ਨ 1 ਦੇ ਥਾਣੇਦਾਰ ਨਰਿੰਦਰ ਮੋਹਨ ਸਮੇਤ ਪੁਲਿਸ ਪਾਰਟੀ ਪੁੱਜੇ ਤਾਂ ਹੰਗਾਮਾ ਕਰ ਰਿਹਾ ਪੁਲੀਸ ਮੁਲਾਜ਼ਮ ਵਰਦੀਧਾਰੀ ਮੁਲਾਜ਼ਮਾਂ ਨੂੰ ਵੇਖ ਕੇ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਅਤੇ ਆਪਣੇ ਪੁੱਤਰ ਨੂੰ ਟੈਲੀਫੋਨ ਰਾਹੀਂ ਸੂਚਨਾ ਦਿੱਤੀ ਕਿ ਉਸ ਉਪਰ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਹੈ ਉਸ ਦੀ ਜਾਨ ਬਚਾਈ ਜਾਵੇ ।ਮੌਕੇ ਤੇ ਪੁੱਜੀ ਪੁਲਿਸ ਨੂੰ ਉਸ ਨੇ ਆਪਣੇ ਬਿਆਨ ਦਿੱਤੇ ਕਿ ਉਸ ਦੇ ਘਰ ਦੀ ਛੱਤ ਉੱਪਰ ਕਬੂਤਰ ਬੈਠਾ ਸੀ ਜਿਸ ਨੂੰ ਉਸ ਨੇ ਫੜ ਲਿਆ ਅਤੇ ਜਿਸ ਉਪਰੰਤ ਕੁਝ ਨੌਜਵਾਨਾਂ ਨੇ ਉਸ ਉਪਰ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਉੱਪਰ ਹਮਲਾ ਨਹੀਂ ਕੀਤਾ ਸਗੋਂ ਆਪਣੀ ਜਾਨ ਹੀ ਬਚਾਈ ਹੈ।
ਪਹਿਲਾਂ ਵੀ ਰਹਿ ਚੁੱਕਾ ਹੈ ਜੇਲ੍ਹ ਚ
ਜ਼ਿਕਰਯੋਗ ਹੈ ਕਿ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਵੀ ਇਸੇ ਪੁਲੀਸ ਮੁਲਾਜ਼ਮ ਵੱਲੋਂ ਇਲਾਕੇ ਵਿੱਚ ਰੇਹੜੀ ਚਾਲਕ ਕੋਲੋਂ ਫਲ ਖ਼ਰੀਦ ਕੇ ਪੈਸੇ ਨਾ ਦੇਣ ਉਪਰੰਤ ਉਸ ਦੀ ਕੁੱਟਮਾਰ ਕਰਨ ਤੇ ਇਲਾਕਾ ਨਿਵਾਸੀਆਂ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਉਪਰੰਤ ਜਦ ਮੌਕੇ ਤੇ ਪੁਲੀਸ ਮੁਲਾਜ਼ਮ ਪੁੱਜੇ ਸੀ ਤਾਂ ਰਛਪਾਲ ਸਿੰਘ ਨੇ ਨਸ਼ੇ ਦੀ ਹਾਲਤ ਚ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਪਾੜ ਦਿੱਤੀ ਸੀ।ਜਿਸ ਉਪਰੰਤ ਸਬੰਧਤ ਥਾਣੇ ਦੀ ਪੁਲੀਸ ਵੱਲੋਂ ਰਸ਼ਪਾਲ ਸਿੰਘ ਉਪਰ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਜੋ ਕਿ ਹੁਣ ਜ਼ਮਾਨਤ ਤੇ ਵਾਪਸ ਆਇਆ ਸੀ।ਜਿਸ ਨੇ ਫਿਰ ਇਲਾਕਾ ਨਿਵਾਸੀਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਮੌਕੇ ਤੇ ਪੁੱਜੀ ਪੁਲਿਸ ਨੇ ਕੋਈ ਨਹੀਂ ਕੀਤੀ ਕਾਰਵਾਈ- ਇਲਾਕਾ ਨਿਵਾਸੀ
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਭਾਵੇਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਵੇਖ ਕੇ ਹੰਗਾਮਾ ਕਰ ਰਿਹਾ ਰਛਪਾਲ ਸਿੰਘ ਸ਼ਾਂਤ ਹੋ ਕੇ ਆਪਣੇ ਘਰ ਅੰਦਰ ਤਾਂ ਵੜ ਗਿਆ ਪਰ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਉਸ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਸ਼ਿਕਾਇਤ ਮਿਲਣ ਤੇ ਕੀਤੀ ਜਾਵੇਗੀ ਕਾਰਵਾਈ –ਥਾਣਾ ਮੁਖੀ
ਇਸ ਸੰਬੰਧੀ ਜਦ ਡਿਊਟੀ ਅਫ਼ਸਰ ਨਰਿੰਦਰ ਮੋਹਣ ਕੋਲੋਂ ਟੈਲੀਫੋਨ ਰਾਹੀਂ ਜਾਣਕਾਰੀ ਲੈਣੀ ਚਾਹੀ ਤਾਂ ਉਸ ਨੂੰ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਉਸ ਵੱਲੋਂ ਟੈਲੀਫੋਨ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਉਪਰੰਤ ਥਾਣਾ ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਿਰੁੱਧ ਪਹਿਲਾਂ ਵੀ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ।ਅਤੇ ਹੁਣ ਵੀ ਲੋਕਾਂ ਵੱਲੋਂ ਲਿਖਤੀ ਸ਼ਿਕਾਇਤ ਦੇਣ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।