ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ 23 ਅਤੇ 24 ਅਕਤੂਬਰ 2021 ਨੂੰ ਕਰਵਾਏ ਜਾ ਰਿਹਾ ਪਹਿਲਾ ਭੰਗੜਾ ਵਰਲਡ ਕੱਪ।
ਜਲੰਧਰ(NIN NEWS): ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ 23 ਅਤੇ 24 ਅਕਤੂਬਰ 2021 ਨੂੰ ਕਰਵਾਏ ਜਾ ਰਹੇ ਪਹਿਲੇ ਭੰਗੜਾ ਵਰਲਡ ਕੱਪ ਦੀਆਂ ਤਿਆਰੀਆਂ ਸੰਬੰਧੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਸਰਪ੍ਰਸਤੀ ਵਿਚ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਿੰਸੀਪਲ ਡਾ. ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰ ਵੱਖ-ਵੱਖ ਕੈਟਾਗਰੀਆਂ ਲਈ 41 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੀਮਾਂ ਲਈ ਐਂਟਰੀਆਂ ਆ ਚੁੱਕੀਆਂ ਹਨ। ਇਹ ਭੰਗੜਾ ਵਰਲਡ ਕੱਪ ਕਰਵਾਉਣ ਸੰਬੰਧੀ ਯੋਜਨਾਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ ਤੇ ਵੱਖ-ਵੱਖ ਕਾਰਜਾਂ ਲਈ ਸਬ-ਪ੍ਰਬੰਧਕੀ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਿਤੀ 23 ਅਕਤੂਬਰ 2021 ਨੂੰ ਵਿਦੇਸ਼ਾਂ ਤੋਂ ਭਾਗ ਲੈਣ ਵਾਲੀਆਂ ਭੰਗੜਾ ਟੀਮਾਂ ਦੇ ਆਨਲਾਈਨ ਮੋਡ ਰਾਹੀਂ ਮੁਕਾਬਲੇ ਕਰਵਾਏ ਜਾਣਗੇ, ਜਦਕਿ 24 ਅਕਤੂਬਰ 2021 ਨੂੰ ਭਾਰਤ ਵਿਚਲੀਆਂ ਭੰਗੜਾ ਟੀਮਾਂ ਦੇ ਮੁਕਾਬਲੇ ਆਫਲਾਈਨ ਕਾਲਜ ਕੈਂਪਸ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਨਲਾਈਨ ਮੁਕਾਬਲਿਆਂ ਲਈ ਟੀਮਾਂ ਦੀ ਵਰਕਸ਼ਾਪ ਲਗਾਈ ਜਾਏਗੀ।
ਇਸ ਤੋਂ ਇਲਾਵਾ ਭੰਗੜਾ ਵਰਲਡ ਕੱਪ ਦੌਰਾਨ ਅੰਤਰਰਾਸ਼ਟਰੀ ਭੰਗੜਾ ਕੁਇਜ਼ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਕਾਲਜ/ਭੰਗੜਾ ਵਰਲਡ ਕੱਪ ਲਈ ਲੋਗੋ ਡਿਜ਼ਾਇਨ ਕਰਨ ਦੇ ਮੁਾਕਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਭੰਗੜਾ ਵਰਲਡ ਕੱਪ ਦੀ ਪ੍ਰੋਮੋਸ਼ਨ ਆਦਿ ਲਈ ਫੇਸ ਬੁੱਕ ਪੇਜ ਬਣਾ ਦਿੱਤਾ ਗਿਆ ਹੈ। ਜਿਸ ਰਾਹੀਂ ਭੰਗੜਾ ਵਰਲਡ ਕੱਪ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਭੰਗੜਾ ਵਰਲਡਕੱਪ ਦੇ ਦੋਨੋਂ ਦਿਨ ਦੀਆਂ ਪੇਸ਼ਕਾਰੀਆਂ ਦਾ ਸਿੱਧਾ ਪ੍ਰਸਾਰਨ ਕਾਲਜ ਦੇ ਯੂਟਿਊਬ ਚੈਨਲ, ਫੇਸਬੁੱਕ ਅਤੇ ਵੱਖ-ਵੱਖ ਟੀ.ਵੀ. ਚੈੱਨਲਾਂ ’ਤੇ ਕੀਤਾ ਜਾਵੇਗਾ। ਇਸ ਵਾਸਤੇ ਟੈਕਨੀਕਲ ਤੇ ਮੀਡੀਆ ਸਰਵਿਸ ਪ੍ਰੋਵਾਈਡਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨੇ ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਮੌਕੇ ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼ ਨੇ ਕਿਹਾ ਕਿ ਇਸ ਭੰਗੜਾ ਵਰਲਡ ਕੱਪ ਦੀ ਤਿਆਰੀ ਵਿਚ ਲੱਗੀ ਸਮੁੱਚੀ ਟੀਮ ਪੂਰੀ ਕੋਆਰਡੀਨੇਸ਼ਨ ਨਾਲ ਸਫਲਤਾ ਪੂਰਵਕ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭੰਗੜਾ ਵਰਲਡ ਕੱਪ ਲਈ ਨਿਰਧਾਰਤ ਨਿਯਮ ’ਤੇ ਸ਼ਰਤਾਂ ਸੰਬੰਧੀ ਸਾਰੀਆਂ ਟੀਮਾਂ ਨੂੰ ਦੱਸ ਦਿੱਤਾ ਗਿਆ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਸਾਰੀਆਂ ਟੀਮਾਂ ਲਈ ਜ਼ਰੂਰੀ ਹੈ। ਅੰਤ ਵਿਚ ਡਾ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟ ਵੇਲਫੈਅਰ ਨੇ ਸਭਨਾ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋ. ਸੁਖਦੇਵ ਸਿੰਘ, ਮੁਖੀ ਸੰਗੀਤ ਵਿਭਾਗ, ਪ੍ਰੋ. ਮਨਪ੍ਰੀਤ ਸਿੰਘ ਲਹਿਲ, ਪ੍ਰੋ. ਸੰਦੀਪ ਸਿੰਘ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਅੰਮ੍ਰਿਤਪਾਲ ਸਿੰਘ, ਪ੍ਰੋ. ਹਰਜਿੰਦਰ ਸਿੰਘ ਸੇਖੋਂ, ਪ੍ਰੋ. ਦਲਜੀਤ ਕੌਰ, ਪ੍ਰੋ. ਸਤਪਾਲ ਸਿੰਘ, ਪ੍ਰੋ. ਹਿਮਾਂਸ਼ੂ, ਪ੍ਰੋ. ਪ੍ਰਭਦੀਪ ਕੌਰ ਅਤੇ ਪ੍ਰੋ. ਅਰਚਨਾ ਸਿੰਘ ਵੀ ਹਾਜ਼ਰ ਸਨ।